ਪੰਜਾਬ, 05 ਮਈ 2023 (UTN)। ਪਿਛਲੇ ਦਿਨਾਂ ਵਿੱਚ ਜਿਆਦਾ ਬਾਰਿਸ਼ ਹੋਣ ਕਾਰਨ ਖੁੱਲ੍ਹੇ ਆਸਮਾਨ ਹੇਠ ਪਏ ਕਬਾੜ ਦੇ ਸਮਾਨ ਅਤੇ ਟੋਇਆਂ ਵਿੱਚ ਸਾਫ ਪਾਣੀ ਦੀ ਖੜੋਤ ਹੋਣ ਕਾਰਨ ਡੇਂਗੂ ਲਾਰਵਾ ਪੈਦਾ ਹੋਣਾ ਸ਼ੂਰੂ ਹੋ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਰੋਜਾਨਾ ਲਾਰਵੇ ਨੂੰ ਲੱਭ ਕੇ ਨਸ਼ਟ ਕਰ ਰਹੀਆਂ ਹਨ। ਡੇੰਗੂ ਤੋਂ ਬਚਾਅ ਲਈ ਆਮ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਜਰੂਰਤ ਹੈ ਤੇ ਘਰਾਂ ਦੀਆਂ ਛੱਤਾਂ, ਖਾਲੀ ਪਲਾਟਾਂ, ਟੋਇਆਂ, ਖੁੱਲ੍ਹੇ ਅਸਮਾਨ ਹੇਠ ਪਏ ਕਬਾੜ ਦੇ ਸਮਾਨ ਅਤੇ ਟਾਇਰਾਂ ਆਦਿ ਵਿੱਚ ਜਮ੍ਹਾਂ ਹੋਏ ਸਾਫ ਪਾਣੀ ਦੀ ਤੁਰੰਤ ਨਿਕਾਸੀ ਅਤਿ ਜਰੂਰੀ ਹੈ, ਨਹੀਂ ਤਾਂ ਇਨ੍ਹਾਂ ਵਿੱਚੋਂ ਪੈਦਾ ਹੋਇਆ ਮੱਛਰ ਸਾਡੇ ਲਈ ਘਾਤਕ ਸਿੱਧ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਡੇੰਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਦਿਨ ਵੇਲੇ ਮੱਛਰ ਦਾ ਡੰਗ ਤੋਂ ਬਚਣਾ ਅਤਿ ਜਰੂਰੀ ਹੈ। ਫ੍ਰਾਈਡੇ ਡ੍ਰਾਈਡੇ ਮੁਹਿੰਮ ਅਧੀਨ ਅੱਜ ਮੋਗਾ ਸ਼ਹਿਰ ਦੇ ਆਰੀਆ ਸਕੂਲ ਰੋਡ ਅਤੇ ਲਹੌਰੀਆ ਮੁਹੱਲਾ ਵਿੱਚ 200 ਦੇ ਕਰੀਬ ਘਰਾਂ ਦੀ ਜਾਂਚ ਕਰਨ ਉਪਰੰਤ ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਨ੍ਹਾਂ ਬਾਰਿਸ਼ਾਂ ਕਾਰਨ ਇਸ ਵਾਰ ਪੰਜਾਬ ਵਿੱਚ ਅਗੇਤੇ ਡੇਂਗੂ ਕੇਸ ਆਉਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਸਿਹਤ ਵਿਭਾਗ ਮੋਗਾ ਵੱਲੋਂ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਜਾਂਚ ਮੁਹਿੰਮ ਤੇਜ ਕੀਤੀ ਗਈ ਹੈ
ਅਤੇ ਮੁਨਾਦੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਲੇ ਦੋ ਤਿੰਨ ਦਿਨਾਂ ਵਿੱਚ ਉਹ ਆਪਣੀਆਂ ਦੁਕਾਨਾਂ, ਫੈਕਟਰੀਆਂ ਅਤੇ ਦਫਤਰਾਂ ਦੀਆਂ ਛੱਤਾਂ ਅਤੇ ਖੁੱਲ੍ਹੇ ਆਸਮਾਨ ਹੇਠ ਪਏ ਸਮਾਨ ਦੀ ਖੁਦ ਜਾਂਚ ਕਰਕੇ ਪਾਣੀ ਦੀ ਨਿਕਾਸੀ ਕਰ ਦੇਣ ਅਤੇ ਡੇੰਗੂ ਦੀ ਰੋਕਥਾਮ ਵਿੱਚ ਸਿਹਤ ਵਿਭਾਗ ਦਾ ਵੱਧ ਤੋਂ ਵੱਧ ਸਹਿਯੋਗ ਕਰਨ। ਉਨ੍ਹਾਂ ਦੱਸਿਆ ਕਿ ਅੱਜ ਸਾਡੀ ਟੀਮ ਨੂੰ 18 ਜਗ੍ਹਾ ਤੇ ਡੇਂਗੂ ਲਾਰਵਾ ਮਿਲਿਆ ਹੈ, ਜਿਸ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਹੈ। ਟੀਮ ਵਿੱਚ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਮਲਟੀਪਰਪਜ ਹੈਲਥ ਵਰਕਰ ਗਗਨਪ੍ਰੀਤ ਸਿੰਘ ਵੀ ਸ਼ਾਮਲ ਸੀ।