ਪੰਜਾਬ, 04 ਮਈ 2023 (UTN)। ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਮਿਤੀ 9 ਤੋਂ 11 ਜੂਨ ਨੂੰ ਜਲੰਧਰ ਦੀ ਐਨ.ਆਈ.ਟੀ. ਵਿਖੇ ਹੋਣ ਵਾਲੇ ਸਿੱਖਿਆ ਮਹਾਕੁੰਭ ਬਾਰੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੈਂਸ ਕੀਤੀ ਗਈ। ਇਸ ਕਾਨਫਰੈਂਸ ਵਿੱਚ ਮੋਗਾ ਦੇ ਵੱਖ-ਵੱਖ ਅਖਬਾਰਾਂ ਅਤੇ ਚੈਨਲਾਂ ਦੇ ਪੱਤਰਕਾਰਾਂ ਦੁਆਰਾ ਸ਼ਿਰਕਤ ਕੀਤੀ ਗਈ। ਇਸ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਇਸਰੋ ਦੇ ਸੀਨੀਅਰ ਵਿਗਿਆਨੀ ਡਾ: ਠਾਕੁਰ ਸੁਦੇਸ਼ ਕੁਮਾਰ ਰੌਣੀਜਾ ਜੀ ਨੇ ਇਸ ਸਿੱਖਿਆ ਮਹਾਕੁੰਭ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿੱਖਿਆ ਦਾ ਇਹ ਮਹਾਂਕੁੰਭ ਹਰ ਸਾਲ ਕਰਵਾਇਆ ਜਾਵੇਗਾ ਅਤੇ ਇਸ ਮਹਾਕੁੰਭ ਨੂੰ ਸਫਲ ਬਣਾਉਣ ਲਈ ਆਈ.ਆਈ.ਟੀ., ਐਨ.ਆਈ.ਟੀ.ਟੀ.ਟੀ.ਆਰ., ਐਨ.ਆਈ.ਟੀ. ਏ.ਆਈ.ਆਈ.ਐਮ.ਐਸ., ਆਈ.ਆਈ.ਐਮ., ਆਈ.ਆਈ.ਐਸ.ਈ.ਆਰ., ਵਰਗੀਆਂ ਉੱਘੀਆਂ ਸੰਸਥਾਵਾਂ ਆਪਣਾ ਯੋਗਦਾਨ ਪ੍ਰਦਾਨ ਕਰਨਗੀਆਂ ਅਤੇ ਇਹਨਾਂ ਤੋਂ ਇਲਾਵਾ ਜਲੰਧਰ ਦੀਆਂ ਉੱਘੀਆਂ ਸੰਸਥਾਵਾਂ ਡਾ. ਬੀ.ਆਰ. ਅੰਬੇਡਕਰ ਐਨ.ਆਈ.ਟੀ., ਡੀ.ਏ.ਵੀ. ਯੂਨੀਵਰਸਟੀ ਅਤੇ ਪੰਜਾਬ ਟੈਕਨੀਕਲ ਯੂਨੀਵਰਸਟੀ ਜਲੰਧਰ ਦਾ ਪੂਰਨ ਸਹਿਯੋਗ ਰਹੇਗਾ।
ਅੱਗੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਇਸ ਮਹਾਂਕੁੰਭ ਦੇ ਪਹਿਲੇ ਪੰਜ ਐਡੀਸ਼ਨ ਪੰਜਾਬ ਦੀ ਪਵਿੱਤਰ ਧਰਤੀ ਨੂੰ ਸਮਰਪਿਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਹਾਮਕੁੰਭ ਵਿੱਚ ਵੱਖ-ਵੱਖ ਰਾਜਾਂ ਦੇ ਸਿੱਖਿਆ ਸਚਿਵ, ਪੰਜਾਬ ਦੇ ਸਿੱਖਿਆ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਮੁੱਖ ਰੂਪ ਵਿੱਚ ਸ਼ਮੂਲਿਅਤ ਕਰਣਗੇ। ਇਸ ਮਹਾਂਕੁੰਭ ਵਿੱਚ ਸੂਬੇ ਦੇ ਹਰੇਕ ਸਕੂਲ ਅਤੇ ਸੰਸਥਾ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ 25-30 ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਨਿੱਜੀ ਤੌਰ ‘ਤੇ ਜਾ ਕੇ ਸਾਰੀਆਂ ਸੰਸਥਾਵਾਂ ਨੂੰ ਸੱਦਾ ਦੇਣਗੀਆਂ। ਇਸ ਵਿੱਚ ਮੋਗਾ ਜ਼ਿਲ੍ਹੇ ਦੀ ਸ਼ਮੂਲੀਅਤ ਕਾਫੀ ਮਹੱਤਵਪੂਰਨ ਹੋਵੇਗੀ। ਇਹ ਮਹਾਕੁੰਭ ਨਵੇਂ ਭਾਰਤ ਦੀ ਨਵੀਂ ਸਿੱਖਿਆ ਦਾ ਇਤਿਹਾਸ ਰਚੇਗਾ। ਇਸ ਦੌਰਾਨ ਬੀ.ਬੀ.ਐਸ. ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੋ ਕਿ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਲੀਗਲ ਕਨਵੀਨਰ ਹਨ, ਨੇ ਇਹ ਭਰੋਸਾ ਦਵਾਇਆ ਕਿ ਸਿਰਫ ਮੋਗਾ ਜ਼ਿਲੇ ਦੀਆਂ ਵਿਦਿਅਕ ਸੰਸਥਾਵਾਂ ਹੀ ਨਹੀਂ ਬਲਕਿ ਫੈਡਰੇਸ਼ਨ ਅਧੀਨ ਆਉਂਦੇ ਪੂਰੇ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਦਾ ਇਸ ਸਿੱਖਿਆ ਦੇ ਮਹਾਕੁੰਭ ਵਿੱਚ ਪੂਰਨ ਤੌਰ ਤੇ ਸਹਿਯੋਗ ਰਹੇਗਾ ਅਤੇ ਇਸ ਨੂੰ ਸਫਲ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਦੇਣਗੇ।